Saturday, May 23, 2009

ਠੰਡੀ ਰਜਾਈ



ਸੁਕੇਸ਼ ਸਾਹਨੀ

“ ਕੌਣ ਸੀ ?” ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ ।
“ ਉਹੀ, ਸਾਹਮਣੇ ਵਾਲਿਆਂ ਦਿਓਂ,” ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ, “ ਭੈਣ, ਰਜਾਈ ਦੇ ਦੇ, ਇਨ੍ਹਾਂ ਦੇ ਦੋਸਤ ਆਏ ਨੇ ।” ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ, “ ਇਨ੍ਹਾਂ ਨੂੰ ਨਿੱਤ ਰਜਾਈ ਵਰਗੀ ਚੀਜ਼ ਮੰਗਦਿਆਂ ਸ਼ਰਮ ਨਹੀਂ ਆਉਂਦੀ । ਮੈਂ ਤਾਂ ਸਾਫ ਮਨ੍ਹਾ ਕਰਤਾ । ਕਹਿਤਾ, “ ਅੱਜ ਸਾਡੇ ਵੀ ਕੋਈ ਆਉਣ ਵਾਲਾ ਹੈ ।”
“ ਠੀਕ ਕੀਤਾ।” ਉਹ ਵੀ ਰਜਾਈ ਵਿਚ ਦੁਬਕਦਾ ਹੋਇਆ ਬੋਲਿਆ, “ ਇਨ੍ਹਾਂ ਲੋਕਾਂ ਦਾ ਇਹੀ ਇਲਾਜ ਐ ।”
“ ਬਹੁਤ ਠੰਡ ਐ !” ਉਹ ਬੁੜਬੁੜਾਇਆ ।
“ ਮੇਰੇ ਆਪਣੇ ਹੱਥ-ਪੈਰ ਸੁੰਨ ਹੋਈ ਜਾ ਰਹੇ ਨੇ ।” ਪਤਨੀ ਨੇ ਆਪਣੇ ਮੰਜੇ ਨੂੰ ਮਘਦੀ ਅੰਗੀਠੀ ਦੇ ਹੋਰ ਨੇੜੇ ਘੜੀਸਦੇ ਹੋਏ ਕਿਹਾ ।
“ ਰਜਾਈ ਤਾਂ ਜਿਵੇਂ ਬਿਲਕੁਲ ਬਰਫ਼ ਵਰਗੀ ਹੋ ਰਹੀ ਐ, ਨੀਂਦ ਆਵੇ ਵੀ ਤਾਂ ਕਿਵੇਂ ।” ਉਹ ਪਾਸਾ ਪਰਤਦਾ ਹੋਇਆ ਬੋਲਿਆ ।
“ ਨੀਂਦ ਦਾ ਤਾਂ ਕਿਤੇ ਪਤਾ ਈ ਨਹੀਂ ।” ਪਤਨੀ ਨੇ ਕਿਹਾ, “ ਇਸ ਠੰਡ ’ਚ ਤਾਂ ਰਜਾਈ ਵੀ ਬੇਅਸਰ ਜਿਹੀ ਹੋ ਗਈ ਐ ।”
ਜਦੋਂ ਕਾਫੀ ਦੇਰ ਤਕ ਨੀਂਦ ਨਹੀਂ ਆਈ ਤਾਂ ਉਹ ਦੋਨੋਂ ਉੱਠ ਕੇ ਬੈਠ ਗਏ ਤੇ ਅੰਗੀਠੀ ਉੱਤੇ ਹੱਥ ਸੇਕਣ ਲੱਗੇ ।
“ ਇਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨੇਂਗੀ ?” ਪਤੀ ਨੇ ਕਿਹਾ ।
“ ਕਿਹੋ ਜਿਹੀ ਗੱਲ ਕਰਦੇ ਓ !”
“ ਅੱਜ ਜਬਰਦਸਤ ਠੰਡ ਐ, ਸਾਹਮਣੇ ਵਾਲਿਆਂ ਦੇ ਮਹਿਮਾਨ ਵੀ ਆਏ ਨੇ । ਅਜਿਹੇ ’ਚ ਰਜਾਈ ਬਿਨਾ ਕਾਫੀ ਪਰੇਸ਼ਾਨੀ ਹੋ ਰਹੀ ਹੋਵੇਗੀ ।”
“ ਹਾਂ, ਫਿਰ ?” ਉਹਨੇ ਆਸ ਭਰੀ ਨਿਗਾਹ ਨਾਲ ਪਤੀ ਵੱਲ ਵੇਖਿਆ ।
“ ਮੈਂ ਸੋਚ ਰਿਹਾ ਸੀ…ਮੇਰਾ ਸਤਲਬ ਇਹ ਸੀ ਕਿ…ਸਾਡੇ ਕੋਲ ਇਕ ਰਜਾਈ ਫਾਲਤੂ ਹੀ ਤਾਂ ਪਈ ਐ ।”
“ ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿਤੀ । ਇਕ ਦਿਨ ਵਰਤਨ ਨਾਲ ਰਜਾਈ ਘਸ ਥੋੜਾ ਨਾ ਜਾਊਗੀ ।” ਉਹ ਉੱਛਲ ਕੇ ਖੜੀ ਹੋ ਗਈ, “ ਮੈਂ ਹੁਣੇ ਸੁਸ਼ੀਲਾ ਨੂੰ ਰਜਾਈ ਦੇ ਆਉਨੀ ਆਂ ।”
ਉਹ ਸੁਸ਼ੀਲਾ ਨੂੰ ਰਜਾਈ ਦੇ ਕੇ ਮੁੜੀ ਤਾਂ ਉਹਨੇ ਹੈਰਾਨੀ ਨਾਲ ਵੇਖਿਆ, ਉਹ ਉਸੇ ਠੰਡੀ ਰਜਾਈ ਵਿਚ ਘੋੜੇ ਵੇਚ ਕੇ ਸੌਂ ਰਿਹਾ ਸੀ ।
ਉਹ ਵੀ ਉਬਾਸੀਆਂ ਲੈਂਦੀ ਹੋਈ ਆਪਣੇ ਬਿਸਤਰ ਵਿਚ ਘੁਸ ਗਈ । ਉਹਨੂੰ ਹੈਰਾਨੀ ਹੋਈ, ਰਜਾਈ ਕਾਫੀ ਗਰਮ ਸੀ ।

अनुवाद : ਸ਼ਿਆਮ ਸੁੰਦਰ ਅਗਰਵਾਲ/श्याम सुन्दर अग्रवाल

Wednesday, January 28, 2009

ਸਿਓਂਕ

ਸੁਕੇਸ਼ ਸਾਹਨੀ

“ਕਿਸ਼ਨ!---” ਵੱਡੇ ਸਾਹਬ ਨੇ ਚਪੜਾਸੀ ਨੂੰ ਘੂਰਦੇ ਹੋਏ ਪੁੱਛਿਆ, “ ਤੂੰ ਮੇਰੇ ਦਫ਼ਤਰ ‘ਚੋਂ ਕੀ ਚੁਰਾ ਕੇ ਲਿਜਾ ਰਿਹਾ ਸੀ?”“ਕੁਝ ਨਹੀਂ ਸਾਹਬ!”“ਝੂਠ ਨਾ ਬਕ!---” ਵੱਡਾ ਸਾਹਬ ਚੀਕਿਆ, "ਚੌਂਕੀਦਾਰ ਨੇ ਮੈਨੂੰ ਸੂਚਨਾ ਦਿੱਤੀ ਹੈ, ਤੂੰ ਡੱਬੇ ‘ਚ ਕੁਝ ਛੁਪਾ ਕੇ ਲਿਜਾ ਰਿਹਾ ਸੀ---ਕੀ ਸੀ ਉਹਦੇ ‘ਚ? ਸੱਚ-ਸੱਚ ਦੱਸ ਦੇ ਨਹੀਂ ਤਾਂ ਮੈਂ ਪੁਲਸ ‘ਚ ਤੇਰੇ ਖ਼ਿਲਾਫ਼----” “ਨਹੀਂ ---ਨਹੀਂ ਸਾਹਬ! ਤੁਸੀਂ ਮੈਨੂੰ ਗਲਤ ਸਮਝ ਰਹੇ ਓ---” ਕਿਸ਼ਨ ਬੇਨਤੀ ਕਰਦਿਆਂ ਬੋਲਿਆ, “ ਮੈਂ ਤੁਹਾਨੂੰ ਸਭ ਕੁੱਝ ਸੱਚ-ਸੱਚ ਦੱਸਦਾ ਹਾਂ---ਮੇਰੇ ਘਰ ਦੇ ਕੋਲ਼ ਸੜਕ ਵਿਭਾਗ ਦੇ ਵੱਡੇ ਬਾਬੂ ਰਹਿੰਦੇ ਨੇ, ਉਹਨਾਂ ਨੂੰ ਸਿਓਂਕ ਦੀ ਜ਼ਰੂਰਤ ਸੀ, ਤੁਹਾਡੇ ਦਫ਼ਤਰ ਦੇ ਬਹੁਤ ਵੱਡੇ ਹਿੱਸੇ ‘ਚ ਸਿਓਂਕ ਲੱਗੀ ਹੋਈ ਹੈ। ਬੱਸ---ਓਹਦੇ ਵਿਚੋਂ ਥੋੜ੍ਹੀ ਜਿਹੀ ਸਿਓਂਕ ਮੈਂ ਵੱਡੇ ਬਾਬੂ ਲਈ ਲੈਣ ਗਿਆ ਸੀ। ਇਕਲੌਤੇ ਬੇਟੇ ਦੀ ਕਸਮ! ---ਮੈਂ ਸੱਚ ਬੋਲ ਰਿਹਾਂ ਹਾਂ।”“ਹੈਂ! ਵੱਡੇ ਬਾਬੂ ਨੂੰ ਸਿਓਂਕ ਦੀ ਕੀ ਲੋੜ ਪੈ ਗਈ?” ਵੱਡਾ ਸਾਹਬ ਹੈਰਾਨ ਸੀ।“ਮੈਂ ਪੁੱਛਿਆ ਨਹੀਂ, ਜੇ ਤੁਸੀਂ ਆਖੋਂ ਤਾਂ ਮੈਂ ਪੁੱਛ ਆਉਂਨਾ ਵਾਂ।”“ਨਹੀਂ—ਨਹੀਂ, ਮੈਂ ਤਾਂ ਊਈਂ ਪੁੱਛਿਐ, ----ਹੁਣ ਤੂੰ ਜਾਹ।” ਵੱਡਾ ਸਾਹਬ ਕੰਧ ਤੇ ਲੱਗੀ ਸਿਓਂਕ ਦੀ ਟੇਢੀ-ਮੇਢੀ ਲਾਈਨ ਵੱਲ ਦੇਖਦਾ ਹੋਇਆ ਗਹਿਰੀ ਸੋਚ ‘ਚ ਪੈ ਗਿਆ।.......“ਮਿਸਟਰ ਰਮਨ!” ਵੱਡਾ ਸਾਹਬ ਮਿੱਠੀਆਂ ਨਜ਼ਰਾਂ ਨਾਲ਼ ਕੰਧ ‘ਤੇ ਲੱਗੀ ਸਿਓਂਕ ਨੂੰ ਦੇਖ ਰਿਹਾ ਸੀ, “ ਤੁਸੀਂ ਆਪਣੇ ਦਫ਼ਤਰ ਦਾ ਵੀ ਮੁਆਇਨਾ ਕਰੋ, ਓਥੇ ਵੀ ਸਿਓਂਕ ਜ਼ਰੂਰ ਲੱਗੀ ਹੋਊ, ਜੇ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਦੱਸਿਓ, ਮੈਂ ਏਥੋਂ ਤੁਹਾਡੇ ਕੈਬਿਨ ‘ਚ ਟਰਾਂਸਫਰ ਕਰ ਦੇਵਾਂਗਾ। ਤੁਸੀਂ ਆਪਣੇ ਖਾਸ ਆਦਮੀਆਂ ਨੂੰ ਇਸਦੀ ਦੇਖ-ਰੇਖ ‘ਚ ਲਗਾ ਦਿਓ, ਇਹਨੂੰ ਪਲ਼ਣ-ਵਧਣ ਦਿਓ। ਜ਼ਰੂਰਤ ਤੋਂ ਵੱਧ ਜਾਵੇ ਤਾਂ ਕੱਚ ਦੀਆਂ ਬੋਤਲਾਂ ‘ਚ ਇਕੱਠੀ ਕਰਕੇ, ਜਦੋਂ ਕਿਤੇ ਵੀ ਆਪਾਂ ਟਰਾਂਸਫਰ ਹੋ ਕੇ ਦੂਜੇ ਦਫ਼ਤਰਾਂ ‘ਚ ਜਾਵਾਂਗੇ, ਤਾਂ ਇਹਦੀ ਜ਼ਰੂਰਤ ਪਵੇਗੀ।”“ਠੀਕ ਹੈ, ਸਰ! ਏਦਾਂ ਹੀ ਹੋਵੇਗਾ---” ਛੋਟਾ ਸਾਹਬ ਬੋਲਿਆ।“ਦੇਖੋ!---” ਵੱਡੇ ਸਾਹਬ ਦਾ ਸੁਰ ਨੀਵਾਂ ਹੋ ਗਿਆ—“ ਸਾਡੇ ਕਾਰਜ-ਕਾਲ ਦੇ ਜਿੰਨੇ ਵੀ ਨੰਬਰ ਦੋ ਦੇ ਵਰਕ ਆਰਡਰ ਹਨ, ਉਹਨਾਂ ਨਾਲ਼ ਸਬੰਧਤ ਸਾਰੇ ਕਾਗਜ਼ਾਤ ਰਿਕਾਰਡ ਰੂਮ ‘ਚ ਰਖਵਾ ਕੇ ਓਥੇ ਸਿਓਂਕ ਦਾ ਛਿੜਕਾ ਕਰਵਾ ਦਿਓ---ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।”
ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'