Saturday, May 23, 2009

ਠੰਡੀ ਰਜਾਈ



ਸੁਕੇਸ਼ ਸਾਹਨੀ

“ ਕੌਣ ਸੀ ?” ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ ।
“ ਉਹੀ, ਸਾਹਮਣੇ ਵਾਲਿਆਂ ਦਿਓਂ,” ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ, “ ਭੈਣ, ਰਜਾਈ ਦੇ ਦੇ, ਇਨ੍ਹਾਂ ਦੇ ਦੋਸਤ ਆਏ ਨੇ ।” ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ, “ ਇਨ੍ਹਾਂ ਨੂੰ ਨਿੱਤ ਰਜਾਈ ਵਰਗੀ ਚੀਜ਼ ਮੰਗਦਿਆਂ ਸ਼ਰਮ ਨਹੀਂ ਆਉਂਦੀ । ਮੈਂ ਤਾਂ ਸਾਫ ਮਨ੍ਹਾ ਕਰਤਾ । ਕਹਿਤਾ, “ ਅੱਜ ਸਾਡੇ ਵੀ ਕੋਈ ਆਉਣ ਵਾਲਾ ਹੈ ।”
“ ਠੀਕ ਕੀਤਾ।” ਉਹ ਵੀ ਰਜਾਈ ਵਿਚ ਦੁਬਕਦਾ ਹੋਇਆ ਬੋਲਿਆ, “ ਇਨ੍ਹਾਂ ਲੋਕਾਂ ਦਾ ਇਹੀ ਇਲਾਜ ਐ ।”
“ ਬਹੁਤ ਠੰਡ ਐ !” ਉਹ ਬੁੜਬੁੜਾਇਆ ।
“ ਮੇਰੇ ਆਪਣੇ ਹੱਥ-ਪੈਰ ਸੁੰਨ ਹੋਈ ਜਾ ਰਹੇ ਨੇ ।” ਪਤਨੀ ਨੇ ਆਪਣੇ ਮੰਜੇ ਨੂੰ ਮਘਦੀ ਅੰਗੀਠੀ ਦੇ ਹੋਰ ਨੇੜੇ ਘੜੀਸਦੇ ਹੋਏ ਕਿਹਾ ।
“ ਰਜਾਈ ਤਾਂ ਜਿਵੇਂ ਬਿਲਕੁਲ ਬਰਫ਼ ਵਰਗੀ ਹੋ ਰਹੀ ਐ, ਨੀਂਦ ਆਵੇ ਵੀ ਤਾਂ ਕਿਵੇਂ ।” ਉਹ ਪਾਸਾ ਪਰਤਦਾ ਹੋਇਆ ਬੋਲਿਆ ।
“ ਨੀਂਦ ਦਾ ਤਾਂ ਕਿਤੇ ਪਤਾ ਈ ਨਹੀਂ ।” ਪਤਨੀ ਨੇ ਕਿਹਾ, “ ਇਸ ਠੰਡ ’ਚ ਤਾਂ ਰਜਾਈ ਵੀ ਬੇਅਸਰ ਜਿਹੀ ਹੋ ਗਈ ਐ ।”
ਜਦੋਂ ਕਾਫੀ ਦੇਰ ਤਕ ਨੀਂਦ ਨਹੀਂ ਆਈ ਤਾਂ ਉਹ ਦੋਨੋਂ ਉੱਠ ਕੇ ਬੈਠ ਗਏ ਤੇ ਅੰਗੀਠੀ ਉੱਤੇ ਹੱਥ ਸੇਕਣ ਲੱਗੇ ।
“ ਇਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨੇਂਗੀ ?” ਪਤੀ ਨੇ ਕਿਹਾ ।
“ ਕਿਹੋ ਜਿਹੀ ਗੱਲ ਕਰਦੇ ਓ !”
“ ਅੱਜ ਜਬਰਦਸਤ ਠੰਡ ਐ, ਸਾਹਮਣੇ ਵਾਲਿਆਂ ਦੇ ਮਹਿਮਾਨ ਵੀ ਆਏ ਨੇ । ਅਜਿਹੇ ’ਚ ਰਜਾਈ ਬਿਨਾ ਕਾਫੀ ਪਰੇਸ਼ਾਨੀ ਹੋ ਰਹੀ ਹੋਵੇਗੀ ।”
“ ਹਾਂ, ਫਿਰ ?” ਉਹਨੇ ਆਸ ਭਰੀ ਨਿਗਾਹ ਨਾਲ ਪਤੀ ਵੱਲ ਵੇਖਿਆ ।
“ ਮੈਂ ਸੋਚ ਰਿਹਾ ਸੀ…ਮੇਰਾ ਸਤਲਬ ਇਹ ਸੀ ਕਿ…ਸਾਡੇ ਕੋਲ ਇਕ ਰਜਾਈ ਫਾਲਤੂ ਹੀ ਤਾਂ ਪਈ ਐ ।”
“ ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿਤੀ । ਇਕ ਦਿਨ ਵਰਤਨ ਨਾਲ ਰਜਾਈ ਘਸ ਥੋੜਾ ਨਾ ਜਾਊਗੀ ।” ਉਹ ਉੱਛਲ ਕੇ ਖੜੀ ਹੋ ਗਈ, “ ਮੈਂ ਹੁਣੇ ਸੁਸ਼ੀਲਾ ਨੂੰ ਰਜਾਈ ਦੇ ਆਉਨੀ ਆਂ ।”
ਉਹ ਸੁਸ਼ੀਲਾ ਨੂੰ ਰਜਾਈ ਦੇ ਕੇ ਮੁੜੀ ਤਾਂ ਉਹਨੇ ਹੈਰਾਨੀ ਨਾਲ ਵੇਖਿਆ, ਉਹ ਉਸੇ ਠੰਡੀ ਰਜਾਈ ਵਿਚ ਘੋੜੇ ਵੇਚ ਕੇ ਸੌਂ ਰਿਹਾ ਸੀ ।
ਉਹ ਵੀ ਉਬਾਸੀਆਂ ਲੈਂਦੀ ਹੋਈ ਆਪਣੇ ਬਿਸਤਰ ਵਿਚ ਘੁਸ ਗਈ । ਉਹਨੂੰ ਹੈਰਾਨੀ ਹੋਈ, ਰਜਾਈ ਕਾਫੀ ਗਰਮ ਸੀ ।

अनुवाद : ਸ਼ਿਆਮ ਸੁੰਦਰ ਅਗਰਵਾਲ/श्याम सुन्दर अग्रवाल

1 comment:

सतीश पंचम said...

बहुत सुंदर कहानी है। रजाई और मन को एक अनदेखे डोर से बांधती सुंदर कथा।

गुरमुखी में पढने का बहुत दिन बाद आनंद लिया।